ਨਿਸ਼ਕਾਮ ਭਗਤੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਿਸ਼ਕਾਮ ਭਗਤੀ: ਇਸ ਤੋਂ ਭਾਵ ਹੈ ਕਾਮਨਾ (ਇੱਛਾ, ਅਭਿਲਾਸ਼ਾ) ਰਹਿਤ ਭਗਤੀ। ‘ਕਾਮਨਾ’ ਦੀ ਦ੍ਰਿਸ਼ਟੀ ਤੋਂ ਭਗਤੀ ਦੋ ਪ੍ਰਕਾਰ ਦੀ ਮੰਨੀ ਜਾਂਦੀ ਹੈ—ਸਕਾਮ ਭਗਤੀ ਅਤੇ ਨਿਸ਼ਕਾਮ ਭਗਤੀ। ਮਰਯਾਦਾਵਾਦੀ ਭਗਤੀ ਵਿਚ ਫਲ ਦੀ ਇੱਛਾ ਦੀ ਪ੍ਰਧਾਨਤਾ ਹੋਣ ਕਾਰਣ ਉਸ ਨੂੰ ‘ਸਕਾਮ ਭਗਤੀ’ ਕਿਹਾ ਜਾਂਦਾ ਹੈ। ‘ਨਿਸ਼ਕਾਮ ਭਗਤੀ’ ਪ੍ਰੇਮ ਆਧਾਰਿਤ ਅਜਿਹੀ ਭਗਤੀ ਹੈ ਜਿਸ ਵਿਚ ਭਗਤੀ ਦੇ ਫਲ ਅਥਵਾ ਮੁਕਤੀ ਦੀ ਕਾਮਨਾ ਨਹੀਂ ਕੀਤੀ ਹੁੰਦੀ। ਇਹ ਸਹਿਜ ਸੁਭਾਵਿਕ ਹੋਣ ਵਾਲੀ ਭਗਤੀ ਹੈ। ਇਸ ਨੂੰ ਗੁਰਬਾਣੀ ਵਿਚ ‘ਭਾਉਭਗਤੀ’ ਵੀ ਕਿਹਾ ਗਿਆ ਹੈ। ਭਾਰਤ ਵਿਚ ਹੋਏ ਅਧਿਕਾਂਸ਼ ਨਿਰਗੁਣ ਸੰਤਾਂ ਨੇ ਨਿਸ਼ਕਾਮ ਭਗਤੀ ਵਿਚ ਹੀ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ। ਗੁਰਬਾਣੀ ਵਿਚ ਵੀ ਨਿਸ਼ਕਾਮ ਭਗਤੀ ਉਤੇ ਬਲ ਦਿੱਤਾ ਗਿਆ ਹੈ ਕਿਉਂਕਿ ਜੀਵਨ-ਮੁਕਤ ਨੂੰ ਕਿਸੇ ਫਲ ਦੀ ਪ੍ਰਾਪਤੀ ਦੀ ਲੋੜ ਹੀ ਨਹੀਂ ਰਹਿੰਦੀ। ਉਹ ਤਾਂ ਸਦਾ ਮੁਕਤ ਹੈ। ਜੇ ਉਸ ਨੂੰ ਕਿਸੇ ਚੀਜ਼ ਦੀ ਪ੍ਰਾਪਤੀ ਦੀ ਲਾਲਸਾ ਹੈ ਤਾਂ ਗੁਰੂ ਅਰਜਨ ਦੇਵ ਜੀ ਅਨੁਸਾਰ ਕੇਵਲ ਪ੍ਰਭੂ ਚਰਣਾਂ ਦੀ ਪ੍ਰੀਤ—ਰਾਜ ਚਾਹਉ ਮੁਕਤਿ ਚਾਹਉ ਮਨਿ ਪ੍ਰੀਤਿ ਚਰਨ ਕਮਲਾ ਰੇ (ਗੁ.ਗ੍ਰੰ.534)।

ਹਰਿ-ਭਗਤੀ ਅਸਲ ਵਿਚ ਹਰਿ-ਪ੍ਰੇਮ ਹੈ, ਇਸ ਵਿਚ ਪਾਖੰਡ ਜਾਂ ਕਿਸੇ ਪ੍ਰਕਾਰ ਦੇ ਅਨੁਸ਼ਠਾਨ ਜਾਂ ਦਿਖਾਵੇ ਦੀ ਲੋੜ ਨਹੀਂ। ਗੁਰੂ ਅਮਰਦਾਸ ਜੀ ਦੀ ਸਥਾਪਨਾ ਹੈ— ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ਪਾਖੰਡਿ ਭਗਤਿ ਹੋਵਈ ਦੁਬਿਧਾ ਬੋਲੁ ਖੁਆਰੁ (ਗੁ. ਗ੍ਰੰ.28)। ਗੁਰੂ ਅਮਰਦਾਸ ਜੀ ਨੇ ਮਾਝ ਰਾਗ ਵਿਚ ਵੀ ਸਪੱਸ਼ਟ ਕੀਤਾ ਹੈ ਕਿ ਜਿਸ ਜਿਗਿਆਸੂ ਦੇ ਹਿਰਦੇ ਵਿਚ ਪ੍ਰਭੂ-ਪ੍ਰੀਤ ਦਾ ਵਿਕਾਸ ਹੋ ਜਾਂਦਾ ਹੈ, ਉਹ ‘ਮੁਕਤ’ ਹੀ ਸਮਝਣਾ ਚਾਹੀਦਾ ਹੈ। ਉਹ ਸਚੇ ਸੰਜਮ ਅਤੇ ਜੁਗਤ ਨੂੰ ਗ੍ਰਹਿਣ ਕਰਦਾ ਹੋਇਆ ਇੰਦ੍ਰੀਆਂ ਨੂੰ ਆਪਣੇ ਵਸ ਵਿਚ ਰਖਦਾ ਹੈ। ਗੁਰੂ-ਸ਼ਬਦ ਰਾਹੀਂ ਪਰਮਾਤਮਾ ਦੀ ਆਰਾਧਨਾ ਰੂਪੀ ਭਗਤੀ ਹੀ ਪਰਮਾਤਮਾ ਨੂੰ ਰੁਚੀਕਰ ਹੈ—ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ ਇੰਦ੍ਰੀ ਵਸਿ ਸਚ ਸੰਜਮਿ ਜੁਗਤਾ ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ ਭਗਤਿ ਹਰਿ ਭਾਵਣਿਆ (ਗੁ.ਗ੍ਰੰ.122)। ਸਪੱਸ਼ਟ ਹੈ ਕਿ ਨਿਸ਼ਕਾਮ ਭਗਤੀ ਪ੍ਰੇਮ ਆਧਾਰਿਤ ਸਹਿਜ ਸਾਧਨਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਿਸ਼ਕਾਮ ਭਗਤੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਿਸ਼ਕਾਮ ਭਗਤੀ: ਫਲ ਪ੍ਰਾਪਤੀ ਦੀ ਇੱਛਾ ਤੋਂ ਸੁਤੰਤਰ ਰੂਪ ਵਿਚ ਕੀਤਾ ਗਿਆ ਨੇਕ ਕਰਮ ਜਿਵੇਂ ‘ਨਿਸ਼ਕਾਮ ਕਰਮ’ ਕਹਾਉਂਦਾ ਹੈ, ਉਸੇ ਤਰ੍ਹਾਂ ਪ੍ਰਭੂ ਪ੍ਰਤਿ ਕਾਮਨਾ–ਰਹਿਤ ਕੀਤਾ ਜਾਣ ਵਾਲਾ ਪ੍ਰੇਮ ‘ਨਿਸ਼ਕਾਮ ਭਗਤੀ’ ਅਖਵਾਉਂਦਾ ਹੈ। ਮਰਯਾਦਾ–ਸੰਪੰਨ ਭਗਤੀ ਵਿਚ ਫਲ ਦੀ ਇੱਛਾ ਦੀ ਪ੍ਰਧਾਨਤਾ ਹੋਣ ਕਾਰਣ ਇਸ ਨੂੰ ‘ਸਕਾਮ’ ਭਗਤੀ ਕਿਹਾ ਗਿਆ ਹੈ। ਜਨਮ ਮਰਨ ਦੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਬ੍ਰਹਮ ਵਿਚ ਅਭੇਦ ਹੋਣ ਨੂੰ ਮੁਕਤੀ ਕਿਹਾ ਜਾਂਦਾ ਹੈ, ਪਰੰਤੂ ਪੁਸ਼ਟੀ ਮਾਰਗ ਵਾਲੇ ਮੁਕਤੀਤ ਦੀ ਇੱਛਾ ਤੋਂ ਵੀ ਸੁਤੰਤਰ ਨਿਸ਼ਕਾਮ ਭਗਤੀ ਵਿਚ ਵਿਸ਼ਵਾਸ ਰੱਖਦੇ ਹਨ। ਨਿਸ਼ਕਾਰ ਭਗਤੀ ਪ੍ਰੇਮ–ਲੱਛਣਾ ਭਗਤੀ ਹੈ, ਜਿਸ ਨੂੰ ਭਾਉ ਭਗਤੀ ਅਤੇ ਸਹਿਜ ਭਗਤੀ ਦਾ ਪ੍ਰਮੁਖ ਸਾਧਨ ਵੀ ਪ੍ਰਵਾਨ ਕੀਤਾ ਜਾਂਦਾ ਹੈ। ਗੁਰੂ ਨਾਨਕ, ਭਗਤ ਰਵਿਦਾਸ, ਕਮਾਲ, ਦਾਦੂ, ਮਲੂਕ ਦਾਸ, ਸੁੰਦਰ ਦਾਸ ਅਤੇ ਹੋਰ ਕਈ ਭਗਤ ਨਿਸ਼ਕਾਮ ਭਗਤੀ ਦੇ ਪੈਰੋਕਾਰ ਹਨ। ਮੀਰਾ ਬਾਈ ਦੀ ਭਗਤੀ–ਕਲਾ ਦੀ ਕਵਿਤਾ ਵਿਚ ਨਿਸ਼ਕਾਮ ਭਗਤੀ ਦੇ ਉੱਚਤਮ ਨਮੂਨੇ ਉਪਲਬਧ ਹਨ।

          ‘ਭਗਵਦ ਗੀਤਾ’ ਵਿਚ ਨਿਸ਼ਕਾਮ ਕਰਮ ਉੱਤੇ ਦਿੱਤਾ ਬਲ ਅਜਿਹੇ ਆਚਾਰਣ–ਗਿਆਨ ਵੱਲ ਸੰਕੇਤ ਕਰਦਾ ਹੈ, ਜਿਸ ਅਨੁਸਾਰ ਸਦਾਚਾਰਕ ਕ੍ਰਿਆ ਤੋਂ ਉਤਪੰਨ ਹੋਣ ਵਾਲੇ ਫਲ ਨਿਰਭਰ ਕਰਦੇ ਹਨ। ਗੀਤਾ ਦੀ ਭਗਤੀ ਵੀ ਨਿਸ਼ਕਾਮ ਭਗਤੀ ਦੇ ਅੰਤਰਗਤ ਆਉਂਦੀ ਹੈ। ਗੀਤਾ ਦਾ ਨਾਇਕ ਮਨੁੱਖੀ ਕਾਮਨਾ ਤੇ ਇੱਛਾ ਨੂੰ ਬੁੱਧੀ ਤੇ ਵਿਵੇਕ ਦੇ ਵਸ ਵਿਚ ਰੱਖਣ ਦੀ ਗੱਲ ਕਰਦਾ ਹੈ।

          ਡਾ. ਰਾਧਾ ਕ੍ਰਿਸ਼ਨਨ ਨੇ ਕਿਹਾ ਹੈ––“ਭਗਵਦ ਗੀਤਾ ਦਾ ਕਰਤਾ ਸਾਨੂੰ ਦੱਸਦਾ ਹੈ ਕਿ ਉੱਤਮ ਆਤਮਾ ਉਹ ਹੈ ਜੋ ਤੀਬਰ ਤੋਂ ਤੀਬਰ ਦੁੱਖ ਅਤੇ ਸੁੱਖ ਦਾ, ਬਿਨਾ ਇਸ ਤੋਂ ਪ੍ਰਭਾਵਿਤ ਹੋਏ, ਅਨੁਭਵ ਕਰਦੀ ਹੈ।” ਤਿਆਗ ਦੇ ਇਸ ਨਵੇਂ ਸੰਕਲਪ ਨੂੰ ਗੁਰੂ ਨਾਨਕ ਦੀ ਪੁਸ਼ਟੀ ਵੀ ਪ੍ਰਾਪਤ ਹੋਈ ਅਤੇ ਉਨ੍ਹਾਂ ਦੇ ਆਪਣੇ ਅਨੂਯਾਨੀਆਂ ਨੂੰ ਅਜਿਹੇ ਤਿਆਗ ਦਾ ਉਪਦੇਸ਼ ਦਿੱਤਾ ਜੋ ਜਲ ਵਿਚ ਕਮਲ ਦੀ ਨਿਰਲੇਪਤਾ ਸਮਾਨ ਹੈ। ਅਜਿਹਾ ਨਿਸ਼ਕਾਮ ਭਗਤ ਸੰਸਾਰ ਵਿਚ ਨਿਰਲੇਪ ਰਹਿ ਕੇ ਪਰਮਾਮਤਮਾ ਨਾਲ ਇਕਮਿਕਤਾ ਦੀ ਅਵਸਥਾ ਨੂੰ ਪਹੁੰਚ ਜਾਂਦਾ ਹੈ। ਗੁਰੂ ਸਾਹਿਬ ਨੇ ਅਜਿਹੇ ਮਨੁੱਖ ਨੂੰ ‘ਜੀਵਨ ਮੁਕਤ’ ਦੀ ਪਦਵੀ ਦਿੱਤ ਹੈ। ਜੀਵਨ–ਮੁਕਤੀ ਦੀ ਇਹ ਧਾਰਣਾ ਗੁਰਬਾਣੀ ਦੀ ਮਹੱਤਵਪੂਰਣ ਦੇਣ ਹੈ। ਇਸ ਅਵਸਥਾ ਵਿਚ ਕਿਸੇ ਵੀ ਫਲ ਦੀ ਪ੍ਰਾਪਤੀ ਦੀ ਆਸ ਨਹੀਂ ਰਹਿੰਦੀ, ਮੁਕਤੀ ਦੀ ਵੀ ਨਹੀਂ। ਗੁਰੂ ਅਰਜਨ ਦੇਵ ਜੀ ਦਾ ਇਹ ਵਾਕ ਇਸ ਧਾਰਣਾ ਨੂੰ ਸਪਸ਼ਟ ਕਰਦਾ ਹੈ :

                   ਰਾਜ ਨਾ ਚਾਹਉ, ਮੁਕਤਿ ਨ ਚਾਹਉ,

                   ਮਨਿ ਪ੍ਰੀਤਿ ਚਰਨ ਕਮਲਾ ਰੇ।                                       ––(ਆ. ਗ੍ਰੰਥ, ਪੰਨਾ ੫੩੯)

        ਜਦ ਤਕ ਹਿਰਦੇ ਵਿਚ ਨਿਸ਼ਕਾਮ ਪ੍ਰੇਮ ਦੀ ਉਤਪੱਤੀ ਨਹੀਂ ਹੁੰਦੀ ਅਤੇ ਸਹਿਜ ਸੁਭਾਅ ਚਿੱਤ ਪਰਮਾਤਮਾ ਵਿਚ ਨਹੀਂ ਟਿਕਦਾ, ਤਦ ਤਕ ਸਾਧਕ ਨੂੰ ਉੱਚਤਮ ਅਭੇਦਤਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਹਿਜ ਦੇ ਸ਼ਿੰਗਾਰ ਕਰਨ ਨਾਲ ਹੀ ਜੀਵਾਤਮਾ ਰੂਪੀ ਕਾਮਿਨੀ ਪਰਮਾਤਮਾ ਦੁਆਰਾ ਸਵੀਕਾਰੀ ਜਾ ਸਕਦੀ ਹੈ :

                   ਸਹਜਿ ਸੁਭਾਇ ਮੇਰਾ ਸਹੁ ਮਿਲੇ, ਦਰਸਨਿ ਰੂਪਿ ਅਪਾਰੁ।

                                                                                      ––(ਆ. ਗ੍ਰੰਥ, ਪੰਨਾ, ੧੫੭)

        ਨਿਸ਼ਕਾਮ ਭਗਤੀ ਵਿਚ ਬੈਕੁੰਠ ਦੀ ਲਾਲਸਾ ਦਾ ਤਿਆਗ ਕਬੀਰ ਜੀ ਦੇ ਪਦਿਆਂ ਵਿਚ ਮਿਲਦਾ ਹੈ :

                   ਜਬ ਲਗ ਹੈ ਬੈਕੁੰਠ ਕੋ ਆਸਾ, ਤਬ ਲਗਿ ਨਹਿ ਹਰਿ ਚਰਨ ਨਿਵਾਸਾ।

                   ਕਬੀਰ ਯਹੁ ਕਹੀਐ ਕਾਹਿ, ਸਾਧੂ ਸੰਗਤ ਬੈਕੁੰਠਹਿ ਆਹਿ।

          ਭਗਤ ਚਾਹੇ ਨਿਰਗੁਣ ਹੋਵੇ, ਚਾਹੇ ਸਗੁਣ, ਦੋਵੇਂ ਸਾਧਕ ਪਰਮ ਤੱਤ ਦੀ ਪ੍ਰਾਪਤੀ ਚਾਹੁੰਦੇ ਹਨ। ਕੇਵਲ ਉਨ੍ਹਾਂ ਦੀ ਸਾਧਨਾ ਪ੍ਰਣਾਲੀ ਵਿਚ ਭੇਦ ਹੈ। ਨਿਰਗੁਣੀਆਂ ਦੀ ਸਹਿਜ ਸਾਧਨਾ ਵੀ ਨਿਸ਼ਕਾਮ ਭਗਤੀ ਹੈ। ਉਹ ਨਿਹਿਤ ਕਰਮ ਕਰਦੇ ਹੋਏ ਬ੍ਰਹਮ ਵਿਚ ਲੀਨ ਰਹਿੰਦੇ ਹਨ ਅਤੇ ਬੈਕੁੰਠ–ਵਾਸ ਜਾਂ ਮੁਕਤੀ ਨਹੀਂ ਚਾਹੁੰਦੇ। ਸਗੁਣ ਪ੍ਰਭੂ ਦੇ ਭਗਤ ਵੀ ਨਿਸ਼ਕਾਮ ਭਗਤੀ ਕਰਦੇ ਹਨ, ਪਰ ਅਕਸਰ ਉਹ ਸਗੁਣ ਪ੍ਰਭੂ ਪਾਸੋਂ ਆਪਣੀਆਂ ਲੋੜਾਂ ਅਤੇ ਕਾਮਨਾਵਾਂ ਦੀ ਸੰਤੁਸ਼ਟੀ ਵੀ ਮੰਗ ਲੈਂਦੇ ਹਨ। ਜੇਕਰ ਪ੍ਰਭੂ ਆਪਣੇ ਭਗਤ ਦੀਆਂ ਲੋੜਾਂ ਪੂਰੀਆਂ ਨਹੀਂ ਕਰੇਗਾ, ਤਾਂ ਹੋਰ ਕੌਣ ਕਰੇਗਾ? ਇਸੇ ਲਈ ਭਗਤ ਪ੍ਰਭੂ ਦੇ ਪ੍ਰੇਮ ਤੋਂ ਬਿਨਾ, ਪਦਾਰਥ ਲੋੜਾਂ ਲਈ ਵੀ ਉਸੇ ਪਾਸ ਅਰਦਾਸ ਕਰਦੇ ਹਨ। ਧੰਨਾ ਤੇ ਕਬੀਰ ਨੇ ਪ੍ਰਭੂ ਪਾਸੋਂ ਆਟਾ, ਦਾਲ, ਘਿਉ, ਗਾਂ, ਮੱਝ, ਘੋੜੀ ਤੇ ਸੁਚੱਜੀ ਇਸਤ੍ਰੀ ਆਦਿ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪ੍ਰਭੂ ਨੂੰ ਚਿਤਾਉਣੀ ਦਿੱਤੀ ਹੈ ਕਿ ਭੁੱਖੇ ਪੇਟ ਭਗਤੀ ਸੰਭਵ ਨਹੀਂ। ਹੇਠ ਲਿਖੀਆਂ ਤੁਕਾਂ ਇਸ ਵਿਚਾਰ ਦੀ ਪੁਸ਼ਟੀ ਕਰਦੀਆਂ ਹਨ :

                   ਭੂਖੇ ਭਗਤਿ ਨਾ ਕੀਜੈ।

                   ਯਹ ਮਾਲਾ ਅਪਨੀ ਲੀਜੈ …..

                   ਦਾਲ ਸੀਧਾ ਮਾਂਗਉ ਘੀਓ ਹਮਰਾ ਖੁਸੀ ਕਰੇ ਨਿਤ ਜੀਓ।…..

                   ਗਊ ਭੈਂਸ ਮਾਗਉ ਲਾਵੇਰੀ, ਇਕ ਤਾਜਨ ਤੁਰੀ ਚੰਗੇਰੀ।

                   ਘਰ ਕੀ ਗੀਹਨਿ ਚੰਗੀ ਜਨੁ ਧੰਨਾ ਲੇਵੇ ਮੰਗੀ।                                                   ––(ਧੰਨਾ)

                   ਖਾਟ ਮੰਗਉ ਚਉਪਾਈ। ਸਿਰਹਾਣਾ ਅਵਰਿ ਤੁਲਾਈ ।…..

                   ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਨਿਆ।                     ––(ਕਬੀਰ)

          ਇਸ ਦਾ ਭਾਵ ਇਹ ਨਹੀਂ ਕਿ ਕਬੀਰ ਜਾਂ ਹੋਰਨਾਂ ਭਗਤਾਂ ਦੀ ਨਿਸ਼ਕਾਮ ਭਗਤੀ ਅਤੇ ਪ੍ਰਭੂ ਪਾਸੋਂ ਪਦਾਰਥਕ ਵਸਤਾਂ ਦੀ ਕਾਮਨਾ ਵਿਚ ਕੋਈ ਵਿਰੋਧ ਸੀ। ਇਹ ਭਗਤ ਆਪਣੇ ਇਸ਼ਟ ਨੂੰ ਸਗੁਣ ਰੂਪ ਵਿਚ ਚਿਤਰ ਕੇ ਉਸ ਨਾਲ ਪ੍ਰੇਮ–ਸੰਵਾਦ ਕਰਦੇ ਸਨ; ਅਤੇ ਉਸ ਨੂੰ ਮਨੁੱਖੀ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਹਿੱਤ ਪ੍ਰੇਰਦੇ ਸਨ। ਜਦੋਂ ਉਹ ਆਪਣੀ ਸਹਿਜ ਭਗਤੀ ਵਿਚ ਨਿਰਗੁਣ ਇਸ਼ਟ ਨਾਲ ਇਕਸੁਰ ਹੋ ਜਾਂਦੇ ਸਨ, ਉਨ੍ਹਾਂ ਨੂੰ ਕਿਸੇ ਪਦਾਰਥਕ ਲੋੜ ਦਾ ਅਨੁਭਵ ਨਹੀਂ ਸੀ ਰਹਿ ਜਾਂਦਾ। ਕਬੀਰ ਨੂੰ ਨਿਰਗੁਣ ਧਾਰਾ ਦਾ ਸਿਰਮੌਰ ਮੰਨਿਆ ਜਾਂਦਾ ਹੈ; ਪਰ ਉਨ੍ਹਾਂ ਦੀ ਬਾਣੀ ਵਿਚ ਸਗੁਣ ਪ੍ਰਭੂ ਦੀ ਉਪਾਸਨਾ ਅਤੇ ਉਸ ਨਾਲ ਪ੍ਰੇਮ–ਸੰਵਾਦ ਦੇ ਜੋ ਸੰਕੇਤ ਪ੍ਰਾਪਤ ਹਨ, ਉਨ੍ਹਾਂ ਤੋਂ ਕਬੀਰ ਜੀ ਦੀ ਨਿਸ਼ਕਾਮ ਭਗਤੀ ਬਾਰੇ ਕਿਸੇ ਸ਼ੰਕੇ ਜਾਂ ਭੁਲੇਖੇ ਵਿਚ ਪੈਣਾ ਅਨੁਚਿਤ ਹੈ।

          [ਸਹਾ. ਗ੍ਰੰਥ––ਹਿ. ਸਾ. ਕ. (1); ਡਾ. ਰਤਨ ਸਿੰਘ ਜੱਗੀ : ‘ਗੁਰੂ ਨਾਨਕ ਦੀ ਵਿਚਾਰਧਾਰਾ’; ਡਾ. ਵਜ਼ੀਰ ਸਿੰਘ : ‘ਗੁਰੂ ਨਾਨਕ ਸਿਧਾਂਤ’]                                                                     


ਲੇਖਕ : ਡਾ. ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2822, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.